ਹੁਣ ਹੋਰ ਸਸਤਾ ਹੋਇਆ ਸੋਨਾ, ਟੁੱਟ ਗਿਆ ਪਿਛਲੇ 5 ਸਾਲ ਦਾ ਰਿਕਾਰਡ

02:38 Unknown 0 Comments

ਨਵੀਂ ਦਿੱਲੀ- ਸੋਨੇ ਦੀਆਂ ਕੀਮਤਾਂ ਪਿਛਲੇ 5 ਸਾਲਾਂ ਦਾ ਰਿਕਾਰਡ ਤੋੜਦੀਆਂ ਹੋਈਆਂ 24,500 ਰੁਪਏ ਦੇ ਹੇਠਲੇ ਪੱਧਰ 'ਤੇ ਆ ਗਈਆਂ ਹਨ। ਮੰਗਲਵਾਰ ਨੂੰ 22 ਕੈਰੇਟ ਸੋਨੇ ਦੇ ਗਹਿਣਿਆਂ ਦੇ ਭਾਅ 'ਚ 100 ਰੁਪਏ ਦੀ ਗਿਰਾਵਟ ਨਾਲ 10 ਗ੍ਰਾਮ ਸੋਨੇ ਦੀ ਕੀਮਤ 24,500 ਰੁਪਏ 'ਤੇ ਰਹੀ। ਇੰਨਾ ਹੀ ਨਹੀਂ ਅਗਸਤ 2011 ਤੋਂ ਬਾਅਦ ਸੋਮਵਾਰ ਨੂੰ ਵਾਅਦਾ ਬਾਜ਼ਾਰ ਵਿਚ ਸੋਨੇ 'ਚ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਘਰੇਲੂ ਅਤੇ ਕੌਮਾਂਤਰੀ ਮਾਰਕੀਟ ਦੋਵਾਂ ਥਾਵਾਂ 'ਤੇ ਸੋਨੇ ਦੀਆਂ ਕੀਮਤਾਂ ਹੇਠਾਂ ਵੱਲ ਜਾ ਰਹੀਆਂ ਹਨ।

ਪਿਛਲੇ 32 ਮਹੀਨਿਆਂ ਵਿਚ ਭਾਰਤ 'ਚ ਸੋਨੇ ਦੀਆਂ ਕੀਮਤਾਂ ਵਿਚ 21 ਫੀਸਦੀ ਅਤੇ ਦੁਨੀਆ ਭਰ ਵਿਚ ਪਿਛਲੇ 4 ਸਾਲਾਂ ਵਿਚ 51 ਫੀਸਦੀ ਦੀ ਗਿਰਾਵਟ ਆਈ ਹੈ। ਨੇੜਿਉਂ ਦੇਖਣ 'ਤੇ ਪਤਾ ਲੱਗਦਾ ਹੈ ਕਿ 2 ਸਾਲ ਵਿਚ ਹੀ ਗਹਿਣਿਆਂ ਦੇ ਸੋਨੇ ਵਿਚ ਲੱਗਭਗ 8,000 ਰੁਪਏ ਪ੍ਰਤੀ 10 ਗਰਾਮ ਦੀ ਗਿਰਾਵਟ ਆਈ ਹੈ ਜਦ ਕਿ ਉਦਯੋਗਿਕ ਮੰਗ ਆਉਣ ਕਾਰਨ ਚਾਂਦੀ ਲਗਾਤਾਰ 7 ਸੈਸ਼ਨ ਦੀ ਗਿਰਾਵਟ ਤੋਂ ਉੱਭਰਦੇ ਹੋਏ 100 ਰੁਪਏ ਮਜ਼ਬੂਤ ਹੋ ਕੇ 34,300 ਰੁਪਏ ਪ੍ਰਤੀ ਕਿਲੋ ਬੋਲੀ ਗਈ।

ਚੰਗੀ ਰਿਟਰਨ ਦੀ ਉਮੀਦ ਨਾਲ ਲੋਕ ਸੋਨੇ ਵਿਚ ਨਿਵੇਸ਼ ਕਰਦੇ ਹਨ। ਇਸ ਕਾਰਨ ਇਸ ਦੀਆਂ ਕੀਮਤਾਂ ਵਿਚ ਤੇਜ਼ੀ ਦੇਖਣ ਨੂੰ ਮਿਲਦੀ ਹੈ ਪਰ ਹਾਲ ਦੇ ਅੰਕੜਿਆਂ 'ਤੇ ਨਜ਼ਰ ਮਾਰਨ 'ਤੇ ਸਾਹਮਣੇ ਆਉਂਦਾ ਹੈ ਕਿ ਸੋਨੇ ਵਿਚ ਨਿਵੇਸ਼ ਹੱਥ ਸਾੜਨ ਵਾਲਾ ਤਜਰਬਾ ਰਿਹਾ ਹੈ। ਜਿੱਥੇ 2 ਸਾਲ ਪਹਿਲਾਂ ਸੋਨੇ ਦੀਆਂ ਕੀਮਤਾਂ 33,000 ਰੁਪਏ ਪ੍ਰਤੀ 10 ਗਰਾਮ ਸਨ। ਇਸ ਹਿਸਾਬ ਨਾਲ ਜੇਕਰ ਤੁਸੀਂ 1 ਲੱਖ ਰੁਪਏ ਦਾ ਸੋਨਾ ਖਰੀਦਿਆ ਸੀ ਤਾਂ ਉਸ ਦੀ ਕੀਮਤ ਅੱਜ ਸਿਰਫ 75,000 ਰੁਪਏ ਦੇ ਲਗਭਗ ਰਹਿ ਗਈ ਹੈ ਜਦ ਕਿ ਜੇਕਰ 10 ਸਾਲ ਦੇ ਹਿਸਾਬ ਨਾਲ ਦੇਖੀਏ ਤਾਂ ਜੇਕਰ ਤੁਸੀਂ 1 ਲੱਖ ਦਾ ਸੋਨਾ ਲਿਆ ਸੀ ਤਾਂ ਉਸਦੀ ਕੀਮਤ ਅੱਜ 3.57 ਲੱਖ ਰੁਪਏ ਹੈ।

ਕਿੰਨਾ ਹੇਠਾਂ ਜਾਵੇਗਾ ਸੋਨਾ
ਜਾਣਕਾਰਾਂ ਅਨੁਸਾਰ ਸੋਨਾ ਹਾਲੇ ਹੋਰ ਸਸਤਾ ਹੋਵੇਗਾ। ਸਰਕਾਰ ਜਲਦੀ ਹੀ ਗੋਲਡ ਮਾਨੀਟ੍ਰਾਈਜ਼ੇਸ਼ਨ ਯੋਜਨਾ ਲਾਗੂ ਕਰਨ ਜਾ ਰਹੀ ਹੈ ਅਤੇ ਅਜਿਹਾ ਹੋਣ ਨਾਲ ਇਸ ਦੀਆਂ ਕੀਮਤਾਂ ਵਿਚ ਹੋਰ ਨਰਮੀ ਆਵੇਗੀ। ਦੀਵਾਲੀ ਤੱਕ ਇਸ ਦੇ ਭਾਅ 24,000 ਜਾਂ ਇਸ ਤੋਂ ਵੀ ਹੇਠਾਂ ਤੱਕ ਜਾ ਸਕਦੇ ਹਨ। ਦੂਜੇ ਪਾਸੇ ਅਮਰੀਕਾ ਨੇ ਵੀ ਬਾਂਡਜ਼ 'ਤੇ ਵਧੇਰੇ ਵਿਆਜ ਦੇਣ ਦਾ ਇਸ਼ਾਰਾ ਕੀਤਾ ਹੈ, ਜਿਸ ਨਾਲ ਕੌਮਾਂਤਰੀ ਬਾਜ਼ਾਰ ਵਿਚ ਇਸ ਦੀਆਂ ਕੀਮਤਾਂ ਹੇਠਾਂ ਜਾ ਸਕਦੀਆਂ ਹਨ।

ਪਲੈਟੀਨਮ 5 ਫੀਸਦੀ ਡਿਗਿਆ
ਸੋਨੇ ਵਿਚ 5 ਸਾਲਾਂ 'ਚ ਪਹਿਲੀ ਵਾਰ ਇੰਨੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਪਲੈਟੀਨਮ ਜਿਸ ਨੂੰ ਸਫੈਦ ਸੋਨਾ ਵੀ ਕਿਹਾ ਜਾਂਦਾ ਹੈ, ਉਸ ਵਿਚ ਵੀ 2009 ਤੋਂ ਬਾਅਦ 5 ਫੀਸਦੀ ਗਿਰਾਵਟ ਆਈ ਹੈ। ਪਲੈਟੀਨਮ 942.49 ਡਾਲਰ ਪ੍ਰਤੀ ਔਂਸ (ਲਗਭਗ 21,000 ਰੁਪਏ) ਪ੍ਰਤੀ 10 ਗਰਾਮ 'ਤੇ ਪੁੱਜ ਗਿਆ ਹੈ। ਪਲੈਟੀਨਮ ਵਿਚ ਫਰਵਰੀ 2005 ਤੋਂ ਬਾਅਦ ਇਹ ਸਭ ਤੋਂ ਵੱਡੀ ਗਿਰਾਵਟ ਹੈ ਕਿਉਂਕਿ ਨਿਵੇਸ਼ਕਾਂ ਨੇ ਅਮਰੀਕੀ ਡਾਲਰ ਦੇ ਮਜ਼ਬੂਤ ਹੋਣ ਦੀ ਉਮੀਦ ਵਿਚ ਇਨ੍ਹਾਂ ਮਹਿੰਗੀਆਂ ਧਾਤਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ।


Punjabi News,Punjab News, BBC Punjabi,

0 comments: