ਸਹੁਰਿਆਂ ਵਿਆਹੁਤਾ ਨੂੰ ਦਿੱਤਾ ਜ਼ਹਿਰ; ਮੌਤ

04:33 Unknown 0 Comments

ਗੜ੍ਹਦੀਵਾਲਾ-ਨਜ਼ਦੀਕੀ ਪਿੰਡ ਕੇਸੋਪੁਰ ਵਿਖੇ ਇਕ ਵਿਆਹੁਤਾ ਨੂੰ ਉਸ ਦੇ ਸਹੁਰਾ ਪਰਿਵਾਰ ਦੇ ਮੈਂਬਰਾਂ ਵਲੋਂ ਕੋਈ ਜ਼ਹਿਰੀਲੀ ਚੀਜ਼ ਪਿਲਾ ਕੇ ਮਾਰ ਦੇਣ ਦਾ ਸਮਾਚਾਰ ਹੈ। ਇਸ ਸੰਬੰਧੀ ਮ੍ਰਿਤਕਾ ਦੀ ਭੈਣ ਪਰਮਜੀਤ ਕੌਰ ਪਤਨੀ ਜਸਵੰਤ ਸਿੰਘ ਵਾਸੀ ਪਿੰਡ ਪੰਨਵਾਂ ਨੇ ਗੜ੍ਹਦੀਵਾਲਾ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਹ 6 ਭੈਣਾਂ ਹਨ ਤੇ ਉਨ੍ਹਾਂ ਦਾ ਕੋਈ ਭਰਾ ਨਹੀਂ ਹੈ। ਉਸ ਦੀ ਇਕ ਛੋਟੀ ਭੈਣ ਹਰਵੀਰ ਕੌਰ ਦਾ ਵਿਆਹ ਲਗਭਗ 10 ਸਾਲ ਪਹਿਲਾਂ ਕਮਲਦੀਪ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਕੇਸੋਪੁਰ ਥਾਣਾ ਗੜ੍ਹਦੀਵਾਲਾ ਨਾਲ ਹੋਇਆ ਸੀ ਤੇ ਉਨ੍ਹਾਂ ਦੇ 2 ਬੱਚੇ ਹਨ।
ਭੈਣ ਦਾ ਘਰ ਵਾਲਾ ਵਿਦੇਸ਼ ਜਾਣ ਦਾ ਚਾਹਵਾਨ ਸੀ ਤੇ ਉਹ ਸਾਡਾ ਭਰਾ ਨਾ ਹੋਣ ਕਾਰਨ ਸਾਡੀ ਜਾਇਦਾਦ 'ਤੇ ਲਾਲਚ ਦੀ ਨੀਅਤ ਨਾਲ ਨਜ਼ਰ ਰੱਖਦਾ ਸੀ ਤੇ ਅਕਸਰ ਹੀ ਸਾਡੀ ਭੈਣ ਹਰਵੀਰ ਕੌਰ ਨੂੰ ਮਾਰਦਾ-ਕੁੱਟਦਾ ਤੇ ਜ਼ਲੀਲ ਕਰਦਾ ਰਹਿੰਦਾ ਸੀ। ਕਮਲਦੀਪ ਵਲੋਂ ਕਾਰ ਦੀ ਮੰਗ ਕਰਨ 'ਤੇ ਉਨ੍ਹਾਂ ਆਪਣੀ ਜ਼ਮੀਨ ਵੇਚ ਕੇ ਲਗਭਗ 4-5 ਸਾਲ ਪਹਿਲਾਂ ਉਸ ਨੂੰ ਇਕ ਵੈਗਨਾਰ ਕਾਰ ਵੀ ਦਿੱਤੀ ਸੀ। ਸਮੇਂ-ਸਮੇਂ 'ਤੇ ਉਸ ਵਲੋਂ ਮੰਗ ਕਰਨ 'ਤੇ ਕੱਪੜੇ, ਗਹਿਣੇ ਤੇ ਹੋਰ ਸਾਮਾਨ ਉਸ ਨੂੰ ਦਿੱਤਾ ਜਾਂਦਾ ਸੀ, ਪਰ ਫਿਰ ਵੀ ਉਹ ਹਰਵੀਰ ਕੌਰ ਨੂੰ ਹੋਰ ਦਾਜ ਲਿਆਉਣ ਲਈ ਮਾਰਦਾ-ਕੁੱਟਦਾ ਰਿਹਾ। ਇਸ ਦੇ ਇਲਾਵਾ ਹਰਵੀਰ ਕੌਰ ਦੀ ਸੱਸ ਮਹਿੰਦਰ ਕੌਰ, ਨਨਾਣ ਮਨਜਿੰਦਰ ਪਾਲ ਕੌਰ, ਚਾਚੇ ਦਾ ਲੜਕਾ ਅਮਨ ਵਾਸੀ ਕੇਸੋਪੁਰ ਤੇ ਇਨ੍ਹਾਂ ਦਾ ਇਕ ਹੋਰ ਰਿਸ਼ਤੇਦਾਰ ਟੋਨੀ ਵਾਸੀ ਠੱਕਰ ਰੱਲ ਕੇ ਮਾਰਦੇ-ਕੁੱਟਦੇ ਰਹਿੰਦੇ ਸਨ ਤੇ ਦਾਜ ਦੀ ਮੰਗ ਕਰਦੇ ਸਨ।
ਬੀਤੀ ਸ਼ਾਮ ਉਕਤ ਲੋਕਾਂ ਵਲੋਂ ਹਰਵੀਰ ਕੌਰ ਨੂੰ ਕੋਈ ਜ਼ਹਿਰੀਲੀ ਦਵਾਈ ਪਿਲਾ ਦਿੱਤੀ ਗਈ, ਜਿਸ ਦੀ ਦਸੂਹਾ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ। ਗੜ੍ਹਦੀਵਾਲਾ ਪੁਲਸ ਵਲੋਂ ਇਸ ਸੰਬੰਧੀ ਮੁਕੱਦਮਾ ਨੰਬਰ-54 ਧਾਰਾ 302, 149 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Punjab news, Punjabi news, BBC PUNJABI,

0 comments: