ਮੇਰਾ ਥਾਂ ਕਿਸੇ ਹੋਰ ਨੂੰ ਫੰਡ ਦਿੱਤਾ ਤਾਂ ਪਾਵਾਂਗੀ ਰੌਲਾ : ਡਾ. ਸਿੱਧੂ

04:19 Unknown 0 Comments

ਅੰਮ੍ਰਿਤਸਰ  - ਵਿਧਾਨਸਭਾ ਪੂਰਬੀ ਹਲਕੇ ਤੋਂ ਵਿਧਾਇਕ ਅਤੇ ਪੰਜਾਬ ਸਰਕਾਰ ਵਿਚ ਮੁੱਖ ਸੰਸਦੀ ਸਕੱਤਰ ਸਿਹਤ ਅਤੇ ਪਰਿਵਾਰ ਕਲਿਆਣ ਡਾ. ਨਵਜੋਤ ਕੌਰ ਸਿੱਧੂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਤੇਜ਼ ਹੋਏ ਸ਼ਬਦਾਂ ਦੇ ਤੀਰ ਰੁਕਦੇ ਵਿਖਾਈ ਨਹੀਂ ਦੇ ਰਹੇ ਹਨ। ਹਲਕੇ ਲਈ ਵਿਕਾਸ ਫੰਡ ਜੁਟਾਉਣ ਨੂੰ ਲੈ ਕੇ ਮੋਰਚਾ ਖੋਲ੍ਹ ਕੇ ਬੈਠੀ ਡਾ. ਸਿੱਧੂ ਨੇ ਸਾਫ਼ ਸ਼ਬਦਾਂ 'ਚ ਕਿਹਾ ਕਿ ਮੈਨੂੰ ਪਤਾ ਲੱਗਾ ਕਿ ਕਿਸੇ ਹੋਰ ਹਲਕੇ ਨੂੰ ਫੰਡ ਦਿੱਤਾ ਗਿਆ ਹੈ ਅਤੇ ਮੈਨੂੰ ਨਹੀਂ ਤਾਂ ਮੈਂ ਰੌਲਾ ਪਾਵਾਂਗੀ। ਪੈਸੇ ਨਹੀਂ ਹਨ ਤਾਂ ਸਭ ਲਈ ਨਹੀਂ ਹਨ। ਜੇਕਰ ਹਨ ਤਾਂ ਸਭ ਲਈ ਹਨ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਦਾ ਵਿਕਾਸ ਬੁਲੰਦੀਆਂ ਜ਼ਰੂਰ ਛੂਹੇਗਾ ਪਰ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਨ ਕਿਉਂਕਿ ਉਨ੍ਹਾਂ ਨੇ ਸਮਝ ਲਿਆ ਹੈ ਕਿ ਗੁਰੂ ਨਗਰੀ ਦਾ ਵਿਕਾਸ ਕਿੰਨਾ ਜ਼ਰੂਰੀ ਹੈ ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਸਮਝ ਨਹੀਂ ਆਇਆ।
ਮੋਦੀ ਨੇ ਗੁਰੂ ਨਗਰੀ ਦਾ ਸ਼ੁਮਾਰ ਦੇਸ਼ ਦੇ ਨਾਮੀ ਸ਼ਹਿਰਾਂ ਵਿਚ ਕਰਵਾ ਦਿੱਤਾ ਹੈ ਤੇ ਉਸੇ ਤਰਜ਼ 'ਤੇ ਇਸਦਾ ਆਉਣ ਵਾਲੇ ਸਮੇਂ ਵਿਚ 'ਹਿਰਦੈ' ਆਦਿ ਪ੍ਰੋਜੈਕਟਾਂ ਤਹਿਤ ਵਿਕਾਸ ਹੋਣ ਵਾਲਾ ਹੈ। ਕੁਝ ਅਜਿਹੇ ਹੀ ਵਿਚਾਰ ਡਾ. ਸਿੱਧੂ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਵਿਚ ਪ੍ਰਗਟ ਕੀਤੇ।
ਪੇਸ਼ ਹਨ ਗੱਲਬਾਤ ਦੇ ਕੁੱਝ ਅੰਸ਼ :-
* ਬਾਦਲ ਤੁਹਾਨੂੰ ਧੀ ਕਹਿੰਦੇ ਹਨ, ਫਿਰ ਤੁਸੀਂ ਨਾਰਾਜ਼ ਕਿਉਂ ਹੋ?
- ਉਹ ਮੈਨੂੰ ਧੀ ਕਹਿੰਦੇ ਹਨ ਤੇ ਮੇਰੇ ਵੀ ਬਾਦਲ ਸਾਹਿਬ ਪਿਤਾ ਬਰਾਬਰ ਹਨ। 25 ਸਾਲ ਜੋ ਵਿਅਕਤੀ ਸੀ. ਐੱਮ. ਰਿਹਾ ਹੋਵੇ, ਉਸਦੀ ਯੋਗਤਾ ਦੀ ਕਿਸੇ ਆਗੂ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਮੇਰੀ ਉਨ੍ਹਾਂ ਨਾਲ ਨਿਜੀ ਤੌਰ 'ਤੇ ਕੋਈ ਨਾਰਾਜ਼ਗੀ ਨਹੀਂ ਹੈ। ਮੈਂ ਆਪਣੇ ਹਲਕੇ ਦਾ ਵਿਕਾਸ ਚਾਹੁੰਦੀ ਹਾਂ ਤੇ ਉਹ ਵੀ ਸਮਾਂਬੱਧ। ਮੇਰਾ ਉਨ੍ਹਾਂ ਨੂੰ ਸਵਾਲ ਵੀ ਇਹੋ ਹੈ ਬਸ ਉਹ ਇਸਨੂੰ ਕਲੀਅਰ ਕਰ ਦੇਣ।
* ਹਲਕੇ ਦੇ ਵਿਕਾਸ ਨੂੰ ਲੈ ਕੇ ਕੀ ਲੋਕਲ ਬਾਡੀ ਮੰਤਰੀ ਸਹਿਯੋਗ ਨਹੀਂ ਕਰ ਰਹੇ?
- ਲੋਕਲ ਬਾਡੀ ਮੰਤਰੀ ਅਨਿਲ ਜੋਸ਼ੀ ਨੇ ਮੈਨੂੰ ਪੈਸੇ ਦਿੱਤੇ। ਉਨ੍ਹਾਂ ਨੇ ਤਾਂ ਸਹਿਯੋਗ ਕੀਤਾ ਹੈ ਪਰ ਆਪਣੇ ਉਤਰੀ ਹਲਕੇ ਦੇ ਬਰਾਬਰ ਸਹਿਯੋਗ ਨਹੀਂ ਕੀਤਾ। ਮੈਂ ਵੀ ਜਿੱਤੀ ਹੋਈ ਵਿਧਾਇਕ ਅਤੇ ਸਰਕਾਰ ਵਿਚ ਸੀ. ਪੀ. ਐੱਸ. ਹਾਂ। ਉਨ੍ਹਾਂ ਨੇ ਆਪਣੇ ਹਲਕੇ ਵਿਚ ਤਾਂ ਕਰੋੜਾਂ ਰੁਪਏ ਸੁੰਦਰੀਕਰਨ 'ਤੇ ਹੀ ਖਰਚ ਕਰ ਦਿੱਤੇ ਹਨ। ਕਈ ਵੱਡੇ ਪ੍ਰੋਜੈਕਟ ਉਥੇ ਚੱਲ ਰਹੇ ਹਨ। ਜੋਸ਼ੀ ਤੋਂ ਬਸ ਤਕਲੀਫ ਇੰਨੀ ਹੈ ਕਿ ਉਨ੍ਹਾਂ ਦੇ ਹਲਕੇ ਲਈ ਫੰਡ ਜ਼ਿਆਦਾ ਤੇ ਮੇਰੇ ਲਈ ਘੱਟ ਕਿਉਂ।
* ਪੰਜਾਬ ਸਰਕਾਰ ਦਾ ਵਿਕਾਸ ਨੂੰ ਲੈ ਕੇ ਕੀ ਸਹਿਯੋਗ ਮਿਲਿਆ?
- ਪੰਜਾਬ ਸਰਕਾਰ ਦੇ ਪੱਧਰ 'ਤੇ ਮੈਨੂੰ ਜ਼ੀਰੋ ਸਹਿਯੋਗ ਮਿਲ ਰਿਹਾ ਹੈ। ਟਰੱਸਟ ਨਾ ਹੁੰਦਾ ਤਾਂ ਮੈਂ ਅੱਜ ਹਲਕੇ ਵਿਚ ਜ਼ੀਰੋ ਹੁੰਦੀ। ਸਰਕਾਰ ਕੋਲ ਮੇਰੇ 28 ਪੈਂਡਿੰਗ ਪ੍ਰੋਜੈਕਟ ਪਏ ਹੋਏ ਹਨ ਤੇ ਇਕ ਵੀ ਪ੍ਰੋਜੈਕਟ ਸਿਰੇ ਨਹੀਂ ਚੜ੍ਹਿਆ। ਡਰੇਨ ਦੀ ਕਲੀਨਿੰਗ ਨਹੀਂ ਹੋ ਰਹੀ। ਕਾਰਨ ਪੁੱਛੋ ਤਾਂ ਦੱਸਦੇ ਹਨ ਕਿ ਕਬਜ਼ਾ ਹੋਇਆ ਪਿਆ ਹੈ। ਕਬਜ਼ਾ ਹਟਾਉਣ ਦਾ ਠੇਕਾ ਕੀ ਮੈਂ ਲਿਆ ਹੋਇਆ ਹੈ। ਕੋਈ ਅਧਿਕਾਰੀ ਆਪਣੀ ਜਵਾਬਦੇਹੀ ਨਾਲ ਕੰਮ ਨਹੀਂ ਕਰ ਰਿਹਾ।
* ਬਾਦਲ-ਮਜੀਠੀਆ ਬਨਾਮ ਸਾਬਕਾ ਐੱਮ. ਪੀ. ਸਿੱਧੂ ਦੀ ਲੜਾਈ ਦਾ ਸ਼ਿਕਾਰ ਤਾਂ ਤੁਸੀਂ ਨਹੀਂ ਹੋ ਰਹੇ?
- ਇਹ ਤਾਂ ਬਾਦਲ ਪਰਿਵਾਰ ਤੇ ਬਿਕਰਮ ਸਿੰਘ ਮਜੀਠੀਆ ਹੀ ਦੱਸ ਸਕਦੇ ਹਨ ਕਿ ਉਨ੍ਹਾਂ ਦੇ ਦਿਲ ਵਿਚ ਕੀ ਹੈ। ਸਾਰੀ ਭਾਜਪਾ ਦੇ ਨਾਲ ਉਹ ਮਤਰੇਆ ਵਿਵਹਾਰ ਕਰ ਰਹੇ ਹਨ। ਕੋਈ ਭਾਜਪਾ ਦਾ ਮੰਤਰਾਲਾ ਨਹੀਂ ਹੈ, ਜਿਸ ਵਿਚ ਉਨ੍ਹਾਂ ਦੀ ਦਖਲਅੰਦਾਜ਼ੀ ਨਹੀਂ ਹੈ। ਸਿੱਧੂ ਨੇ ਤਾਂ ਸਿਰਫ ਅੰਮ੍ਰਿਤਸਰ ਤੇ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਵਸਾਈ ਗਈ ਨਗਰੀ ਦੀ ਗੱਲ ਕੀਤੀ ਸੀ। ਵੱਡੇ ਬਾਦਲ ਨੂੰ ਸਿੱਧੂ ਨੇ ਪਿਤਾ ਸਮਝਿਆ। ਮੱਥਾ ਟੇਕਦਾ ਤੇ ਉਨ੍ਹਾਂ ਨੂੰ ਹਰ ਕੰਮ 'ਚ ਅੱਗੇ ਲਾਉਂਦਾ ਰਿਹਾ ਪਰ ਇਨ੍ਹਾਂ ਨੇ ਕਦਰ ਨਹੀਂ ਕੀਤੀ। ਜਦੋਂ ਪੰਜਾਬ ਵਿਚ ਰੈਲੀਆਂ ਕਰਵਾਉਣੀਆਂ ਸਨ ਤਾਂ ਨਾ ਸਿੱਧੂ ਤੇ ਨਾ ਹੀ ਉਸਦੇ ਪ੍ਰੋਜੈਕਟਾਂ ਨੂੰ ਪੁੱਛਿਆ।
* ਜੇਤਲੀ ਦੀ ਰੈਲੀ 'ਚ ਐੱਮ. ਪੀ. ਕੈਪਟਨ ਦੇ ਨਾ ਆਉਣ ਨੂੰ ਕਾਫ਼ੀ ਇਸ਼ੂ ਬਣਾਇਆ ਗਿਆ?
- ਮੈਂ ਖੁਦ ਹੈਰਾਨ ਹਾਂ ਕਿ ਵਿੱਤ ਮੰਤਰੀ ਅਰੁਣ ਜੇਤਲੀ ਦੀ ਰੈਲੀ ਵਿਚ ਐੱਮ. ਪੀ. ਕੈਪਟਨ ਅਮਰਿੰਦਰ ਸਿੰਘ ਨੂੰ ਬੁਲਾਉਣ ਦੀ ਪੰਜਾਬ ਸਰਕਾਰ ਨੂੰ ਯਾਦ ਆ ਗਈ। ਉਨ੍ਹਾਂ ਨੂੰ ਸੱਦਾ ਵੀ ਭੇਜਿਆ ਗਿਆ ਪਰ ਜਦੋਂ ਸਿੱਧੂ ਐੱਮ. ਪੀ. ਹੁੰਦੇ ਸਨ ਤਾਂ ਪ੍ਰੋਗਰਾਮ ਸਵੇਰੇ ਹੁੰਦਾ ਸੀ ਤੇ ਇਕ ਝੂਠਾ ਸੱਦਾ ਪੱਤਰ ਅਧਿਕਾਰੀਆਂ ਨੂੰ ਫੜਾ ਦਿੱਤਾ ਜਾਂਦਾ ਸੀ ਜੋ ਸਮੇਂ 'ਤੇ ਪੁੱਜਦਾ ਹੀ ਨਹੀਂ ਸੀ। ਸਿੱਧੂ ਨੂੰ ਤਾਂ ਉਦਘਾਟਨਾਂ ਦੇ ਪ੍ਰੋਗਰਾਮਾਂ ਵਿਚ ਬੁਲਾਇਆ ਹੀ ਨਹੀਂ ਜਾਂਦਾ ਸੀ। ਹਾਂ, ਜਦੋਂ ਸਿੱਧੂ ਦੀ ਜ਼ਰੂਰਤ ਹੁੰਦੀ ਸੀ ਤਾਂ ਸਿੱਧੇ ਫੋਨ ਜ਼ਰੂਰ ਆ ਜਾਂਦੇ ਸਨ।
* ਬਾਦਲ ਨੇ ਫੰਡ ਉਪਲੱਬਧ ਕਰਵਾਉਣ ਦਾ ਤੁਹਾਨੂੰ ਭਰੋਸਾ ਤਾਂ ਦਿੱਤਾ ਹੈ?
- ਸੀ. ਐੱਮ. ਬਾਦਲ ਦੇ ਭਰੋਸੇ 'ਤੇ ਮੈਨੂੰ ਵਿਸ਼ਵਾਸ ਨਹੀਂ ਹੈ। ਪਹਿਲਾਂ ਵੀ ਜਦੋਂ ਐੱਮ. ਪੀ. ਸਿੱਧੂ ਮਰਨਵਰਤ 'ਤੇ ਬੈਠਣ ਵਾਲੇ ਸਨ ਤਾਂ ਸੀ. ਐੱਮ. ਦਫ਼ਤਰ ਤੋਂ ਆਏ ਉੱਚ ਅਧਿਕਾਰੀਆਂ ਨੇ ਰਾਤ 2 ਵਜੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੇ ਪ੍ਰੋਜੈਕਟ ਸਮੇਂ 'ਤੇ ਸ਼ੁਰੂ ਅਤੇ ਪੂਰੇ ਹੋਣਗੇ ਪਰ ਅੱਜ ਤਕ ਉਨ੍ਹਾਂ ਵਿਚੋਂ ਕਿਸੇ ਇਕ ਪ੍ਰੋਜੈਕਟ 'ਤੇ ਵੀ ਕੰਮ ਸ਼ੁਰੂ ਨਹੀਂ ਹੋ ਸਕਿਆ ਹੈ।
* ਤੁਹਾਡੇ ਹਲਕੇ ਵਿਚ ਅਕਾਲੀ ਦਲ ਤੁਹਾਡੀ ਬਹੁਤ ਵਿਰੋਧਤਾ ਕਰਦਾ ਹੈ?
- ਅਕਾਲੀਆਂ ਨੇ ਸੋਚਿਆ ਸੀ ਕਿ ਸਾਬਕਾ ਐੱਮ. ਪੀ. ਸਿੱਧੂ ਨੂੰ ਤਾਂ ਭਜਾ ਦਿੱਤਾ ਹੈ ਮੈਡਮ ਸਿੱਧੂ ਤੋਂ ਹੁਣ ਕੀ ਹੋਵੇਗਾ ਪਰ ਮੈਂ ਗਲੀ-ਗਲੀ ਜਾ ਕੇ ਕੰਮ ਕਰ ਰਹੀ ਹਾਂ ਤੇ ਲੋਕ ਮੇਰੇ ਨਾਲ ਪਿਆਰ ਕਰਦੇ ਹਨ, ਤਾਂ ਉਨ੍ਹਾਂ ਦੀ ਤਕਲੀਫ ਵਧ ਗਈ। ਤਕਲੀਫ ਉਸ ਦਿਨ ਤੋਂ ਹੈ ਜਦੋਂ ਅਕਾਲੀ ਦਲ ਨੇ ਇਹ ਸੀਟ ਭਾਜਪਾ ਨੂੰ ਦਿੱਤੀ। ਇਸ ਵਿਚ ਮੇਰਾ ਕੀ ਕਸੂਰ ਹੈ। ਸੁਖਬੀਰ ਬਾਦਲ 'ਤੇ ਗੁੱਸਾ ਕੱਢਣ, ਜਿਨ੍ਹਾਂ ਨੇ ਦਿੱਤੀ ਹੈ।
* ਕਾਂਗਰਸ ਵਾਲੇ ਵਿਕਾਸ ਨੂੰ ਲੈ ਕੇ ਕਾਫੀ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ?
- ਕਾਂਗਰਸੀ ਆਗੂ ਹੋਛੀ ਰਾਜਨੀਤੀ 'ਤੇ ਉਤਰੇ ਹੋਏ ਹਨ। ਜੌੜਾ ਫਾਟਕ ਪੁਲੀਆਂ ਵਿਚ ਪਾਣੀ ਖੜ੍ਹਾ ਨਾ ਹੋਵੇ, ਉੱਥੇ ਰੇਨ ਵਾਟਰ ਹਾਰਵੇਸਟਿੰਗ ਵੇਲ ਲਾਇਆ ਪਰ ਉਨ੍ਹਾਂ ਨੇ ਉਸ ਵਿਚ ਇੱਟਾਂ ਫਸਾ ਦਿੱਤੀਆਂ, ਤਾਂ ਕਿ ਮੈਡਮ ਸਿੱਧੂ ਦੀ ਹਾਏ-ਹਾਏ ਹੋਵੇ। ਅਜਿਹਾ ਹੀ ਕੁਝ ਹਲਕੇ ਦੇ ਸੀਵਰੇਜ ਵਿਚ ਵੀ ਹੋ ਰਿਹਾ ਹੈ। ਰੋਜ਼ ਸੀਵਰੇਜ ਲਾਈਨ 'ਚੋਂ ਇੱਟਾਂ ਕਢਵਾਈਆਂ ਜਾ ਰਹੀਆਂ ਹਨ ਤੇ ਲੋਕ ਖੁਦ ਦੱਸ ਰਹੇ ਹਨ ਕਿ ਇਹ ਇੱਟਾਂ ਕੌਣ ਫਸਾ ਕੇ ਗਿਆ ਹੈ।
* ਪੂਰਬੀ ਹਲਕੇ ਵਿਚ ਵਿਕਾਸ ਦਾ ਮੌਜੂਦਾ ਕੀ ਸਟੇਟਸ ਹੈ?
- ਮੈਂ ਪੂਰੀ ਸ਼ਾਨ ਨਾਲ ਕਹਿ ਸਕਦੀ ਹਾਂ ਕਿ ਜਦੋਂ ਤੋਂ ਵਿਧਾਇਕ ਬਣੀ ਹਾਂ, ਇਕ ਦਿਨ ਵੀ ਵਿਕਾਸ ਰੁਕਿਆ ਨਹੀਂ ਹੈ। 60 ਸਾਲਾਂ ਤੋਂ ਹਲਕੇ ਵਿਚ ਵਿਕਾਸ ਦੇ ਨਾਂ 'ਤੇ ਕੁਝ ਨਹੀਂ ਹੋਇਆ, ਇਸ ਵਿਚ ਕਿਸੇ ਨੇ ਕੰਮ ਨਹੀਂ ਕੀਤਾ। ਇਸ ਵਿਚ ਰੈਗੂਲਰ ਪੈਸਿਆਂ ਦੀ ਬਜਾਏ ਵਿਸ਼ੇਸ਼ ਪੈਕੇਜ ਦੀ ਜ਼ਰੂਰਤ ਹੈ। ਹੁਣ ਤਕ 70 ਕਰੋੜ ਨਾਲ ਵਿਕਾਸ ਕੰਮ ਕਰਵਾਏ ਗਏ ਹਨ ਪਰ ਹਲਕੇ ਦੇ ਸਾਲੋਂ ਸਾਲ ਪੱਛੜੇ ਰਹਿਣ ਕਾਰਨ ਨਾਲ ਅੱਜ ਵੀ ਲੋਕ ਸੀਵਰੇਜ, ਪਾਣੀ, ਸੜਕ ਤੇ ਸਟਰੀਟ ਲਾਈਟ ਵਰਗੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ।

Punjab news, Punjabi news, BBC PUNJABI,

0 comments: