ਲੈਬਨਾਨ ਚ 8 ਭਾਰਤੀ ਹੋਏ ਲਾਪਤਾ

05:29 Unknown 0 Comments


ਲੈਬਨਾਨ : ਵਦੇਸ਼ਾਂ ਵਿਚ ਰੋਜ਼ਗਾਰ ਦੀ ਤਲਾਸ਼ ਵਿਚ ਗਏ ਪੁੱਤਰਾਂ ਦੀਆਂ ਮਾਵਾਂ ਉਂਝ ਤਾਂ ਸਿਰਹਾਣਿਆਂ 'ਚ ਮੂੰਹ ਦੇ-ਦੇ ਕੇ ਰੋਂਦੀਆਂ ਹਨ ਪਰ ਉਨ੍ਹਾਂ ਮਾਵਾਂ ਕੋਲੋਂ ਬਰੂਹਾਂ 'ਤੇ ਖੜ੍ਹੀਆਂ ਹੋ ਕੇ ਇੰਤਜ਼ਾਰ ਕਰਨ ਤੋਂ ਇਲਾਵਾ ਕੋਈ ਹੀਲਾ ਨਹੀਂ ਬੱਚਦਾ, ਜਿਨ੍ਹਾਂ ਦੇ ਪੁੱਤਰ ਉਨ੍ਹਾਂ ਚੰਦਰੇ ਵਿਦੇਸ਼ਾਂ ਵਿਚ ਗੁਆਚ ਜਾਂਦੇ ਹਨ। ਇਸੇ ਤਰ੍ਹਾਂ ਦੀ ਇਕ ਹੋਰ ਮਨਹੂਸ ਖ਼ਬਰ ਆਈ ਹੈ ਲੈਬਨਾਨ ਤੋਂ। ਇਰਾਕ ਵਿਚ 39 ਪੰਜਾਬੀਆਂ ਦੇ ਲਾਪਤਾ ਹੋਣ ਦੀ ਖ਼ਬਰ ਤੋਂ ਬਾਅਦ ਲੈਬਨਾਨ ਵਿਚ 8 ਭਾਰਤੀਆਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਬੀਤੇ ਛੇ ਮਹੀਨਿਆਂ ਵਿਚ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ।
ਲਾਪਤਾ ਨੌਜਵਾਨਾਂ ਵਿਚ ਦੋ ਨੌਜਵਾਨ ਕੈਥਲ ਦੇ ਪਿੰਡ ਜਗਦੀਸ਼ਪੁਰਾ ਅਤੇ ਦੋ ਕਰੂਕਸ਼ੇਤਰ ਦੇ ਪਿਹੋਵਾ ਦੇ ਹਨ। ਇਹ ਸਾਰੇ ਨੌਜਵਾਨ ਏਜੰਟਾਂ ਰਾਹੀਂ ਲੈਬਨਾਨ ਗਏ ਸਨ। ਨਵੰਬਰ 2014 ਵਿਚ ਇਹ ਨੌਜਵਾਨ ਲੈਬਨਾਨ ਲਈ ਰਵਾਨਾ ਹੋਏ ਸਨ। ਦੋ ਮਹੀਨੇ ਪਹਿਲਾਂ ਉਨ੍ਹਾਂ ਨੂੰ ਜਾਰਡਨ ਵਿਖੇ ਰੱਖਿਆ ਗਿਆ ਅਤੇ ਬਾਅਦ ਵਿਚ ਸੀਰੀਆ ਲਿਜਾਇਆ ਗਿਆ। ਇਨ੍ਹਾਂ ਨੌਜਵਾਨਾਂ 'ਚ ਸ਼ਾਮਲ ਇਕ ਲੜਕੇ ਦੇ ਪਿਤਾ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ 18 ਜਨਵਰੀ, 2015 ਨੂੰ ਉਨ੍ਹਾਂ ਨੂੰ ਫੋਨ ਆਇਆ ਕਿ ਉਹ ਲੈਬਨਾਨ ਜਾਣ ਵਾਲੇ ਹਨ ਪਰ ਉਸ ਦੇ ਬਾਅਦ ਤੋਂ ਚਾਰਾਂ ਨੌਜਵਾਨਾਂ 'ਚੋਂ ਕਿਸੇ ਨਾਲ ਵੀ ਸੰਪਰਕ ਨਹੀਂ ਹੋ ਸਕਿਆ। ਪਰਿਵਾਰ ਵਾਲਿਆਂ ਦੇ ਪੈਰ ਏਜੰਟਾਂ ਦੇ ਚੱਕਰ ਮਾਰ-ਮਾਰ ਘਸ ਗਏ ਹਨ ਪਰ ਏਜੰਟਾਂ ਤੋਂ ਕੋਈ ਤਸੱਲੀਯੋਗ ਜਵਾਬ ਨਹੀਂ ਮਿਲਦਾ। ਅਰੁਣ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਹ ਹੀ ਹਾਲ ਬਾਕੀ ਨੌਜਵਾਨਾਂ ਦੇ ਪਰਿਵਾਰਾਂ ਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੈਸਾ ਨਹੀਂ ਚਾਹੀਦਾ ਪਰ ਉਨ੍ਹਾਂ ਦੇ ਪੁੱਤਰਾਂ ਨੂੰ ਕਿਸੇ ਤਰ੍ਹਾਂ ਵਾਪਸ ਲੈ ਆਓ।
ਇਨ੍ਹਾਂ ਨੌਜਵਾਨਾਂ 'ਚ ਸ਼ਾਮਲ ਸਰਬਜੀਤ ਦੀ ਵਿਧਵਾ ਮਾਂ ਦੂਜਿਆਂ ਦੇ ਘਰਾਂ ਵਿਚ ਕੰਮ ਕਰਕੇ ਪਰਿਵਾਰ ਦਾ ਖਰਚਾ ਚਲਾ ਰਹੀ ਹੈ ਪਰ ਹੁਣ ਉਸ ਨੂੰ ਪੁੱਤਰ ਦਾ ਕਮਾਇਆ ਪੈਸਾ ਨਹੀਂ ਚਾਹੀਦਾ। ਉਸ ਨੂੰ ਤਾਂ ਬੱਸ ਆਪਣੇ ਪੁੱਤਰ ਨੂੰ ਮਿਲਣ ਦੀ ਤਾਂਘ ਹੈ। ਪਿਹੋਵਾ ਦੇ ਕਮਲਜੀਤ ਦੇ ਪਰਿਵਾਰ ਦਾ ਵੀ ਇਹ ਹੀ ਹਾਲ ਹੈ। ਪਰਿਵਾਰਾਂ ਦਾ ਕਹਿਣਾ ਹੈ ਕਿ ਹੁਣ ਏਜੰਟ ਉਨ੍ਹਾਂ ਦੇ ਫੋਨ ਵੀ ਨਹੀਂ ਚੁੱਕ ਰਹੇ। ਦੁਖੀ ਪਰਿਵਾਰਾਂ ਨੇ ਫਿਲਹਾਲ ਪੁਲਸ ਵਿਚ ਇਸ ਦੀ ਕੋਈ ਸ਼ਿਕਾਇਤ ਨਹੀਂ ਕੀਤੀ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਕ ਹਫਤੇ ਤੱਕ ਏਜੰਟ ਨੇ ਕੁਝ ਨਾ ਦੱਸਿਆ ਤਾਂ ਉਹ ਪੁਲਸ ਨੂੰ ਸ਼ਿਕਾਇਤ ਕਰਨਗੇ।


Punjab news, Punjabi news, BBC PUNJABI,

0 comments: